Saturday, May 14, 2011

ਵੇਰਾ ਪਾਵਲੋਵਾ ਦੀਆਂ ਦੋ ਕਵਿਤਾਵਾਂ

ਵੇਰਾ ਪਾਵਲੋਵਾ ਰੂਸ ਦੀ ਸੁਹਣੀ ਸੁਨੱਖੀ ਸ਼ਾਇਰਾ ਹੈ । ਇਹਦੀ ਆਪਣੀ ਜ਼ਬਾਨ ਵਿਚ 19 ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ । ਪਿਛਲੇ ਵਰ੍ਹੇ ਇਸ ਬੀਬੀ ਦੀ ਇਕ ਕਿਤਾਬ " If there is something to desire " ਅੰਗਰੇਜ਼ੀ ਵਿਚ ਰਿਲੀਜ਼ ਹੋਈ ਹੈ । ਰੂਸੀ ਤੋਂ ਅੰਗਰੇਜ਼ੀ ਵਿਚ ਵੇਰਾ ਦੀਆਂ ਕਵਿਤਾਵਾਂ ਇਹਦੇ ਪਤੀ ਨੇ ਅਨੁਵਾਦ ਕੀਤੀਆਂ ਹਨ ।
1983 'ਚ ਇਹਦੀ ਕੁਖੋਂ ਪਹਿਲੀ ਧੀ ਨੇ ਜਨਮ ਲਿਆ ਤਾਂ ਦੁੱਧ ਦੇ ਉਤਰਨ ਨਾਲ ਹੀ ਇਹਦੇ ਦਿਲੋਂ ਕਵਿਤਾਵਾਂ ਉਤਰ ਆਈਆਂ । ਛੋਟੀਆਂ ਛੋਟੀਆਂ ਕਵਿਤਾਵਾਂ ਲਿਖਦੀ ਇਹ ਬੀਬੀ ਰੂਸ ਵਿਚ ਤਾਂ ਮਸ਼ਹੂਰ ਹੈ ਹੀ ਅੱਜ-ਕੱਲ੍ਹ ਸੰਸਾਰ ਪੱਧਰ 'ਤੇ ਵੀ ਇਹਦੀਆਂ ਕਵਿਤਾਵਾਂ ਪੜ੍ਹੀਆਂ ਜਾ ਰਹੀਆਂ ਹਨ । ਬਿਜਲਈ ਤਾਣੇ-ਬਾਣੇ ਦਾ ਇਹ ਕਮਾਲ ਹੈ ਕਿ ਮਾਨਸਾ 'ਚ ਬੈਠਾ ਕੋਈ ਪੇਂਡੂ ਬੰਦਾ ਇਹਦੀਆਂ ਕਵਿਤਾਵਾਂ ਨੂੰ ਪੜ੍ਹ ਰਿਹਾ ਹੈ ।ਆਪਣੇ ਇਸ ਨਵੇਂ ਬਲਾਗ ਦੀ ਪੋਸਟ ਮੈਂ ਵੇਰਾ ਦੀਆਂ ਦੋ ਕਵਿਤਾਵਾਂ ਨਾਲ ਕਰਦਿਆਂ ਮਨੋਜ ਪਟੇਲ ਦਾ ਧੰਨਵਾਦ ਕਰਦਾ ਹਾਂ, ਜਿਹਦੇ ਬਲਾਗ ਰਾਹੀਂ ਮੈਂ ਵੇਰਾ ਦੀਆਂ ਕਵਿਤਾਵਾਂ ਤਕ ਪਹੁੰਚਿਆ ।
1
ਨਾਜ਼ੁਕ ਥਾਂ 'ਤੇ
ਬਹੁਤ ਹੀ ਕੋਮਲਤਾ ਨਾਲ
ਲਿਖੀਆਂ ਨੇ ਸਭ ਤੋਂ ਸੋਹਣੀਆਂ ਸਤਰਾਂ :
ਮੇਰੀ ਜੀਭ ਦੀ ਨੋਕ ਨੇ ਤੇਰੇ ਤਾਲੂਏ 'ਤੇ
ਤੇਰੀ ਛਾਤੀ 'ਤੇ
ਬਹੁਤ ਛੋਟੇ ਛੋਟੇ ਅੱਖਰਾਂ 'ਚ
ਤੇਰੇ ਢਿੱਡ 'ਤੇ

ਲਿਖਿਆ ਹੈ ਇਹ ਸਭ ਮੈਂ
ਸਹਿਜੇ ਸਹਿਜੇ
ਪਿਆਰ ਨਾਲ ਪਿਆਰੇ

ਕੀ ਅਪਣੇ ਹੋਠਾਂ ਨਾਲ
ਮਿਟਾ ਸਕਦੀ ਹਾਂ ਮੈਂ
ਤੇਰੇ ਮੱਥੇ ਉਭਰਿਆ ਹੈਰਾਨੀਜਨਕ ਚਿਨ੍ਹ ?

2
ਇਕ ਭਾਰ ਮੇਰੀ ਪਿੱਠ ਤੇ
ਚਾਨਣ ਕੁੱਖ 'ਚ
ਠਹਿਰ ਜਾ ਥੋੜ੍ਹਾ ਚਿਰ ਹੋਰ
ਮੇਰੇ ਅੰਦਰ
ਜੜ੍ਹਾਂ ਲਾ ਲੈ

ਜਦੋਂ ਤੂੰ ਸਵਾਰ ਹੁੰਨੈ
ਮੇਰੇ 'ਤੇ
ਜੇਤੂ ਤੇ ਮਾਣ ਮਹਿਸੂਸ ਕਰਦੀ ਹਾਂ
ਜਿਵੇਂ ਬਚਾ ਕੇ ਲੈ ਚੱਲੀ ਹੋਵਾਂ ਤੈਨੂੰ
ਚੁਫੇਰਿਓਂ ਘਿਰੇ ਸ਼ਹਿਰ ਤੋਂ ਬਾਹਰ ।।