Friday, November 11, 2011

ਮਰਮ ਅਲ-ਮਸਰੀ ਦੀਆਂ ਕਵਿਤਾਵਾਂ / ਅਨੁਵਾਦ ਤੇ ਪੇਸ਼ : ਗੁਰਪ੍ਰੀਤ ( poems by maram al-massri )



     ਅਰਬ ਕਵਿਤਰੀ ਮਰਮ ਅਲ-ਮਸਰੀ ਦੀਆਂ ਫੋਟੋਆਂ ਵੱਲ ਨਿਗ੍ਹਾ ਮਾਰਦਿਆਂ ਅਸੀਂ ਭੁਲੇਖਾ ਖਾ ਸਕਦੇ ਹਾਂ ਕਿ ਇਹ ਬੀਬੀ ਸ਼ਾਇਰਾ ਨਹੀਂ ਮਾਡਲ ਹੈ ... ਪਾਲਿਸ਼ ਕੀਤੇ ਤਿੱਖੇ ਨਹੁੰ , ਹੋਠਾਂ ਤੇ ਸੁਰਖੀ , ਲੱਤਾਂ ਚ ਮਿੰਨੀ ਸਕਰਟ , ਸਲੀਵਲੈੱਸ ਟਾਪ । ਅਰਬ ਔਰਤਾਂ ਤਾਂ ਰੋਮ ਰੋਮ ਢਕ ਕੇ ਰੱਖਣ ਲਈ ਮਜ਼ਬੂਰ ਨੇ । ਇਸੇ ਲਈ ਸੀਰੀਆ 1962 ਨੂੰ ਜਨਮੀ ਮਰਮ ਅੱਜ-ਕੱਲ੍ਹ ਇਹਦੇ ਨਾਲ ਆਪਣਾ ਰਿਸ਼ਤਾ ਤੋੜੀ ਬੈਠੀ ਹੈ । 1982 ਤੋਂ ਪੈਰਿਸ ਚ ਰਹਿ ਰਹੀ ਸ਼ਾਇਰਾ ਦਾ ਆਖਣਾ ਹੈ :  : ਮੈਂ ਮਹਿਸੂਸ ਕਰਦੀ ਹਾਂ ਕਿ ਜਮੀਨ ਨਾਲ ਮੇਰਾ ਕੋਈ ਸੰਬੰਧ ਨਹੀਂ । ਮੇਰਾ ਸੰਬੰਧ ਮਨੁੱਖ ਨਾਲ ਹੈ । ਤੁਹਾਡਾ ਦੇਸ਼ ਉਥੇ ਹੀ ਹੁੰਦਾ ਹੈ ਜਿਥੇ ਤੁਹਾਨੂੰ ਸਤਿਕਾਰ ਤੇ ਪਿਆਰ ਮਿਲੇ । ਮਰਮ ਆਪਣੇ ਆਪ ਨੂੰ ਬਾਗੀ ਤੇ ਆਗਿਆਕਾਰ ਔਰਤ ਦਾ ਰਲਾ ਸਮਝਦੀ ਹੈ । ਇਹਦੇ ਅਨੁਸਾਰ ਸੈਕਸ ਤੇ ਪਿਆਰ ਇਕ ਦੂਜੇ ਨਾਲ ਸੰਬੰਧਤ ਹਨ । ਇਹੋ ਸੁਤੰਤਰਤਾ ਦੀ ਤਲਾਸ਼ ਹਨ । ਪੈਰਿਸ ਚ ਸੁਰਿੱਖਅਤ ਰਹਿੰਦਿਆਂ ਇੰਟਰਨੈੱਟ ਰਾਹੀਂ ਸੀਰੀਆ ਰਹਿੰਦੇ ਦੋਸਤਾਂ ਨਾਲ ਇਹਦਾ ਪਲ ਪਲ ਸੰਪਰਕ ਰਹਿੰਦਾ ਹੈ । ਮਰਮ ਦਾ ਆਖਣਾ ਹੈ ਕਿ ਉਹ ਜਦੋਂ ਵੀ ਫੇਸਬੁਕ ਖੋਲ੍ਹਦੀ ਹੈ ਤਾਂ ਡਰ ਜਾਂਦੀ ਹੈ ਕਿ ਕਿਧਰੇ ਉਹਦੇ ਕਿਸੇ ਦੋਸਤ ਨੂੰ ਮਾਰ ਨਾ ਦਿੱਤਾ ਹੋਵੇ ਜਾਂ ਜੇਲ੍ਹ ਚ ਨਾ ਸਿੱਟ ਦਿੱਤਾ ਹੋਵੇ । ਮਰਮ ਵਾਂਗ ਹੀ ਫਰਾਂਸ ਚ ਰਹਿੰਦੇ ਉਹਦੇ ਕਲਾਕਾਰ ਲੇਖਕ ਦੋਸਤ ਚਾਹੁੰਦੇ ਹਨ ਕਿ ਸੀਰੀਆ ਦੇ ਲੋਕਾਂ ਦੀ ਨਸਲਕੁਸ਼ੀ ਬੰਦ ਕੀਤੀ ਜਾਵੇ ।
                 ਅੰਗਰੇਜੀ ਸਾਹਿਤ ਚ ਪੋਸਟ ਗਰੈਜੂਏਟ ਮਰਮ ਅਲ-ਮਸਰੀ ਦੀਆਂ ਤਿੰਨ ਕਾਵਿ-ਕਿਤਾਬਾਂ ਅਰਬੀ ਵਿਚ ਛਪ ਚੁੱਕੀਆਂ ਹਨ । ਕੌਪਰ ਕੇਨੀਅਨ ਪ੍ਰੈਸ ਵੱਲੋਂ ਮਰਮ ਦੀ ਪਹਿਲੀ  ਅਮਰੀਕੀ ਪਬਲੀਕੇਸ਼ਨ A Red Cherry on White tiles flour ਜਾਰੀ ਕੀਤੀ ਗਈ , ਜੋ ਅਰਬੀ ਦੇ ਨਾਲ ਨਾਲ ਅੰਗਰੇਜੀ ਵਿਚ ਵੀ ਹੈ । ਇਸ ਪੁਸਤਕ ਨਾਲ ਇਹਦੀ ਸਿਆਣ ਅੰਤਰ ਰਾਸਟਰੀ ਪੱਧਰ ਤੇ ਹੋਣ ਲੱਗੀ । ਬਹੁਤ ਸਾਰੇ ਅੰਤਰ ਰਾਸਟਰੀ ਕਾਵਿ-ਸੰਗ੍ਰਿਹਾਂ ਵਿਚ ਅਲ-ਮਸਰੀ ਦੀਆਂ ਕਵਿਤਾਵਾਂ ਫਰੈਂਚ ,ਸਪੇਨੀ ,ਇਟਲੀ ਤੇ ਅਨੇਕਾਂ ਹੋਰ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ ।
               ਮਰਮ ਅਲ-ਮਸਰੀ ਛੋਟੀਆਂ ਗਹਿਰੀਆਂ ਪਿਆਰ ਕਵਿਤਾਵਾਂ ਦੀ ਸ਼ਾਇਰਾ ਹੈ । ਪਿਆਰ ਹੀ ਇਹਦੀਆਂ ਕਵਿਤਾਵਾਂ ਦਾ ਸੁਨੇਹਾ ਹੈ । ਇਹਦੀਆਂ ਕਵਿਤਾਵਾਂ ਪੜ੍ਹਦਿਆਂ ਮਰਦ ਪਾਠਕ ਅੰਦਰ ਵੀ ਇਕ ਕੰਪਨ ਪੈਦਾ ਹੁੰਦੀ ਹੈ । ਮਸ਼ਹੂਰ ਪੁਸਤਕ ਚਿੱਟੀਆਂ ਟਾਈਲਾਂ ਵਾਲੇ ਫਰਸ਼ ਤੇ ਲਾਲ ਚੈਰੀ ਦਾ ਪਾਠਕਾਂ ਨੂੰ ਸੱਦਾ ਹੈ ਕਿ ਖੂਨ ਦੇ ਤੁਪਕੇ ਭਾਵ ਸੁਰਖ ਫਲ ਨੂੰ ਚੱਖਣ ਤੇ ਆਪਣੇ ਅੰਦਰਲੇ ਸਾਦੇ ਸਾਫ ਮਨ ਨੂੰ ਜਾਣਨ ।
              ਕੁਝ ਦਿਨ ਪਹਿਲਾਂ ਜਦੋਂ ਮੈਂ ਇਹਦੀਆਂ ਕਵਿਤਾਵਾਂ ਨੂੰ ਪੰਜਾਬੀ ਵਿਚ ਅਨੁਵਾਦ ਕਰਨ ਦੀ ਆਗਿਆ ਮੰਗੀ ਤਾਂ ਇਹਨੇ ਚਾਰ ਘੰਟਿਆਂ ਬਾਅਦ ਹੀ ਇਜਾਜਤ ਦਿੰਦਿਆਂ ਕਿਹਾ : ਮੈਨੂੰ ਚਾਅ ਹੈ , ਮੈਂ ਇਕ ਹੋਰ ਭਾਸ਼ਾ ਦਾ ਪਹਿਰਨ ਪਾਵਾਂਗੀ । ਦੇਖੋ ਮਰਮ ਅਲ-ਮਸਰੀ ਦੀਆਂ ਕਵਿਤਾਵਾਂ :

 1

ਮੈਂ ਬੰਦ ਕਰ ਲਵਾਂਗੀ
ਆਪਣੀਆਂ ਅੱਖਾਂ

ਰਖਵਾਲੀ ਨਹੀਂ ਕਰਾਂਗੀ
ਤੇਰੇ ਮੰਦਰ ਦੀ

ਇਸ ਵਾਰ

ਮੈਂ ਭੱਜ ਜਾਣ ਦੇਵਾਂਗੀ
ਨਟਖਟ ਭਗਵਾਨ ਨੂੰ
ਨੰਗੇ ਪੈਰ ।।
2

ਮੈਨੂੰ ਆਜ਼ਾਦੀ ਦੇਵੋ
ਤੇ ਧੀਰਜ ਰੱਖੋ
ਮੇਰੇ ਵੱਲੋਂ ਨਾਂਹ ਕਹਿ ਦੇਣ ਤੇ

ਓਦੋਂ ਆਈਂ ਮੇਰੇ ਨੇੜੇ
ਜਦੋਂ ਬੁਲਾਵਾਂ
ਤੇ ਜਦੋਂ ਚਾਹਾਂ ਮੈਂ ਤੈਨੂੰ
ਸਿਖ ਇੰਤਜ਼ਾਰ ਕਰਨਾ

ਕਾਮਨਾ ਕਰ ਮੇਰੀ
ਆਪਣੇ ਸਿਵਾ ਕਿਸੇ ਹੋਰ ਲਈ
ਤੇ ਸਿਖ ਪਿਆਰ ਕਰਨਾ ।।
3

ਮਰ ਜਾਵੇਗਾ
ਸੱਪ

ਜਦੋਂ ਮਾਰੇਗਾ ਡੰਗ
ਤੇ ਚੱਖੂਗਾ
ਮੇਰੇ ਦੁੱਖ ।।
4

ਇੱਛਾ ਭੜਕਾਉਂਦੀ ਹੈ ਮੈਨੂੰ
ਤੇ ਚਮਕਣ ਲਗਦੀਆਂ ਨੇ
ਅੱਖਾਂ ਮੇਰੀਆਂ

ਨੈਤਿਕਤਾ ਨੂੰ ਬੰਦ ਕਰ ਦਿੰਦੀ ਹਾਂ
ਨੇੜੇ ਦੀ ਦਰਾਜ਼
ਫਰਿਸ਼ਤਿਆਂ ਦੀਆਂ ਅੱਖਾਂ ਤੇ
ਬੰਨ੍ਹ ਦਿੰਦੀ ਹਾਂ ਪੱਟੀ

ਸਿਰਫ
ਇਕ ਚੁੰਮਣ ਖਾਤਰ ।।
5

ਤੇਰੀ ਕੋਈ ਗਲਤੀ ਨਹੀਂ ਸੀ
ਤੇ ਨਾ ਹੀ ਮੇਰੀ

ਇਹ ਤਾਂ ਹਵਾ ਸੀ ਕੰਮਬਖਤ

ਜਿਸ ਨੇ ਡੇਗ ਦਿੱਤਾ
ਮੇਰੀਆਂ ਕਾਮਨਾਵਾਂ ਦਾ ਪੱਕਿਆ ਫਲ ।।
6

ਤੂੰ
ਕਿੰਨਾ ਅਲੱਗ ਹੈਂ
ਸਾਰਿਆਂ ਨਾਲੋਂ ਵੱਖਰਾ

ਤੇਰੀ ਖਾਸੀਅਤ
ਮੇਰਾ ਚੁੰਮਣ

ਤੇਰੇ ਹੋਠਾਂ ਤੇ ।।
7

ਲੂਣ ਵਾਂਗ
ਉਹ ਚਮਕੇ
ਤੇ ਖੁਰ ਗਏ

ਇਸ ਤਰਾਂ ਗਾਇਬ ਹੋ ਗਏ
ਉਹ ਮਰਦ

ਜਿੰਨ੍ਹਾਂ ਨੇ ਮੈਨੂੰ
ਪਿਆਰ ਨਹੀਂ ਕੀਤਾ ।।
8

ਮੈਂ ਜਾ ਰਹੀ ਸੀ
ਸਿੱਧੀ

ਜਦੋਂ ਤੂੰ ਰੋਕ ਲਿਆ ਰਾਹ ਮੇਰਾ

ਠੋਕਰ ਤਾਂ ਲੱਗੀ
ਪਰ ਮੈਂ ਡਿੱਗੀ ਨਹੀਂ ।।
9

ਕੁੜੀ ਨੇ ਮੰਗਿਆ
ਮੁੰਡੇ ਤੋਂ
ਇਕ ਖ਼ਾਬ

ਪਰ ਉਹਨੇ ਦਿੱਤੀ ਹਕੀਕਤ

ਉਦੋਂ ਤੋਂ ਹੀ
ਹੈ ਉਹ
ਇਕ ਦੁਖਿਆਰੀ ਮਾਂ ।।
10

ਕਿਹੋ ਜਿਹੀ ਬੇਵਕੂਫੀ ਹੈ ਇਹ :

ਜਦੋਂ ਵੀ ਸੁਣਦਾ ਹੈ
ਦਿਲ ਮੇਰਾ ਦਸਤਕ

ਉਹ ਖੋਲ੍ਹ ਦਿੰਦਾ ਹੈ
ਆਪਣੇ ਦਰਵਾਜ਼ੇ ।।
11

ਪਤਨੀ ਮੁੜਦੀ ਹੈ
ਘਰ ਆਪਣੇ
ਇਕ ਮਰਦ ਦੀ ਗੰਧ ਨਾਲ

ਉਹ ਨਹਾਉਂਦੀ ਹੈ
ਇਤਰ ਛਿੜਕਦੀ ਹੈ

ਪਰ ਕੁਸੈਲੀ ਹੀ ਬਣੀ ਰਹਿੰਦੀ ਹੈ
ਪਛਤਾਵੇ ਦੀ ਗੰਧ ।।
12
ਬਾਹਰ ਹਨੇਰੇ
ਮੈਂ ਕੰਬ ਰਹੀ ਹਾਂ
ਠੰਢ ਨਾਲ

ਤੂੰ ਖੋਲ੍ਹਦਾ ਕਿਉਂ ਨ੍ਹੀਂ

ਮੇਰੇ ਲਈ
ਆਪਣੀ ਕਮੀਜ਼ ਦਾ
ਦਰਵਾਜ਼ਾ ।।
13

ਸਿਰਫ ਐਨਾ ਹੀ ਚਾਹਿਆ ਸੀ ਉਸਨੇ
ਇਕ ਘਰ ,ਬੱਚੇ
ਤੇ
ਪਿਆਰ ਕਰਨ ਵਾਲੀ ਪਤਨੀ

ਪਰ ਇਕ ਦਿਨ ਜਦੋਂ ਉਹ
ਜਾਗਿਆ
ਤਾਂ ਦੇਖਿਆ ਉਸਨੇ
ਬੁੱਢੀ ਹੋ ਗਈ ਸੀ ਉਸਦੀ ਆਤਮਾ

ਸਿਰਫ ਐਨਾ ਹੀ ਚਾਹਿਆ ਸੀ ਉਸਨੇ
ਇਕ ਘਰ , ਬੱਚੇ
ਤੇ
ਪਿਆਰ ਕਰਨ ਵਾਲਾ ਪਤੀ

ਇਕ ਦਿਨ ਉਹ
ਜਾਗੀ
ਤੇ ਦੇਖਿਆ ਉਸਨੇ
ਖਿੜਕੀ ਖੋਲ੍ਹ
ਭੱਜ ਗਈ ਸੀ ਉਹਦੀ ਆਤਮਾ ।।
14
ਕੋਈ ਦਸਤਕ ਦੇ ਰਿਹਾ ਹੈ
ਦਰਵਾਜ਼ੇ ਤੇ

ਕੌਣ?

ਗਲੀਚੇ ਹੇਠਾਂ ਕਰ ਦਿੰਦੀ ਹਾਂ
ਆਪਣੇ ਇਕੱਲੇਪਣ ਦੀ ਧੂੜ੍ਹ

ਇਕ ਮੁਸਕ੍ਰਾਹਟ ਦਾ ਬੰਦੋਬਸਤ ਕਰਕੇ
ਖੋਲ੍ਹ ਦਿੰਦੀ ਹਾਂ ਦਰਵਾਜ਼ਾ ।।
15
ਮੇਰੀ ਗੰਧ
ਘੇਰ ਲਊਗੀ ਤੈਨੂੰ

ਤੂੰ ਜਦੋਂ ਲਾਹੇਂਗਾ
ਕੱਪੜੇ

ਫੈਲਦੀ ਜਾਊ
ਉਹ ਤੇਰੇ ਤੇ ਬੇਵਫਾਈ ਦਾ
ਇਲਜ਼ਾਮ ਲਾਉਂਦੀ ।।
16
ਬੱਚਿਆਂ ਦੇ ਸੌਣ ਤਕ
ਉਡੀਕਾਂਗੀ
ਤੇ ਫਿਰ

ਆਪਣੀ ਨਾਕਾਮਯਾਬੀ ਦੀ ਲਾਸ਼ ਨੂੰ
ਵਹਿਣ ਦੇਵਾਂਗੀ
ਛੱਤ ਤੱਕ ।।

Monday, August 29, 2011

ਪਿਆਰ ਦਾ ਅਨੁਵਾਦ : ਵੇਰਾ ਪਾਵਲੋਵਾ ਦੀਆਂ ਕਵਿਤਾਵਾਂ

     
ਆ ਜਾ
ਛੁਹਾਂ ਤੈਨੂੰ
ਛੁਹ ਤੂੰ ਮੈਨੂੰ

ਉਦੋਂ ਤਕ
ਸਾਡੇ ਹੱਥ
ਹਥੇਲੀਆਂ ਕੂਹਣੀਆਂ ਨੇ
ਜਦੋਂ ਤਕ

ਆ ਪਿਆਰ ਕਰੀਏ
ਇਕ ਦੂਜੇ ਨੂੰ


ਇਹ ਸੱਦਾ ਰੂਸੀ ਸ਼ਾਇਰਾ ਵੇਰਾ ਪਾਵਲੋਵਾ ਦਾ ਹੈ । ਇਹਦੇ ਨਾਲ ਪਹਿਲੀ ਸਿਆਣ ਇਹਦੀ ਫੋਟੋ ਦਾ ਆਕਰਸ਼ਨ ਹੈ । ਪੈਰਾਂ ਭਾਰ ਬੈਠੀ ਵੇਰਾ ਇਸ ਤਰਾਂ ਲਗਦੀ ਹੈ ਜਿਵੇਂ ਧਰਤੀ ਦੇ ਫੁੱਲ 'ਤੇ ਤਿਤਲੀ ਮੰਡਰਾਉਂਦੀ ਹੋਵੇ । ਕਿਸੇ ਹੋਰ ਫੋਟੋ 'ਚ ਉਹ ਲੰਮੀਆਂ ਪੱਤੀਆਂ ਵਾਲੇ ਘਾਹ 'ਤੇ ਮੂਧੇ ਮੂੰਹ ਲੇਟੀ ਹੋਈ ਹੈ , ਘਿਉ ਕਪੂਰੀ ਫੁੱਲਾਂ ਵਾਲੀ ਵੇਲ  । ਦੇਖਦਿਆਂ ਵੇਰਾ ਦਾ ਕਥਨ ਜਿਉਂਦਾ ਜਾਗਦਾ ਤੁਹਾਡੇ ਸਾਹਮਣੇ ਸਾਕਾਰ ਹੋ ਜਾਂਦਾ ਹੈ ," ਅਸਲ ਕਵਿਤਾ ਪੂਰੀ ਦੇਹ ਨਾਲ ਹੀ ਲਿਖੀ ਜਾਂਦੀ ਹੈ । " ਪੰਜਾਬੀ ਬੀਬੀਆਂ ਯਾਦ ਆਉਂਦੀਆਂ ਹਨ । ਲੋਕ-ਕਾਵਿ 'ਚ ਇਹਨਾ ਕੋਲ ਅਜਿਹਾ ਹੀ ਵੇਗ ਹੈ । ਦੇਹ ਨਾਲ ਕਵਿਤਾ ਲਿਖਣ ਦਾ ਵੱਲ ਵੇਰਾ ਨੇ ਇਹਨਾ ਕੋਲੋਂ ਹੀ ਸਿਖਿਆ ਹੋਵੇਗਾ ! ਪਰ ਸਮਕਾਲੀ ਸ਼ਾਇਰਾਵਾਂ æææ ਖੈਰ ਆਪਾਂ ਵੇਰਾ ਦੀ ਗੱਲ ਕਰ ਰਹੇ ਹਾਂ । ਵੇਰਾ ਆਖਦੀ ਹੈ ਕਵਿਤਾ ਲਿਖਣਾ ਦੀ ਪ੍ਰੇਰਨਾ ਭਾਸ਼ਾ ਨਾਲ ਸੈਕਸੁਅਲ ਇੰਟਰਕੋਰਸ ਕਰਨਾ ਹੈ । ਮੈਂ ਭਾਸ਼ਾ ਦੀ ਲੋੜ ਸਦਾ ਮਹਿਸੂਸ ਕਰਦੀ ਹਾਂ ਅਤੇ ਮੈਂ ਇਹਨੂੰ ਕਦੇ ਵੀ ਨਾਂਹ ਨਹੀਂ ਕਰਦੀ । ਮੇਰੇ ਲਈ ਇਹ ਹਮੇਸ਼ਾਂ ਸੋਹਣਾ ਅਨੁਭਵ ਹੁੰਦੈ ,ਕੀ ਭਾਸ਼ਾ ਲਈ ਵੀ ? ਕਦੇ ਇਹਦਾ ਉਤਰ ਹਾਂ ਹੁੰਦੈ ਕਦੇ ਠੀਕ ਠੀਕ ।                
            ਇਸ ਸੁਹਣੀ ਸੁਨੱਖੀ ਸ਼ਾਇਰਾ ਦਾ ਜਨਮ ਮਾਸਕੋ ਵਿਖੇ 1963 'ਚ ਹੋਇਆ । ਮੇਰੇ ਤੋਂ ਉਮਰ 'ਚ ਪੰਜ ਸਾਲ ਵੱਡੀ ,ਪਰ ਦੇਖਣ 'ਚ ਪੰਦਰਾਂ ਸਾਲ ਛੋਟੀ । ਮੈਨੂੰ  ਸਵੇਰੇ ਸ਼ੀਸ਼ੇ 'ਚ ਦੇਖਿਆ ਅਪਣਾ ਚਿਹਰਾ  ਯਾਦ ਆਇਆ : ਕਰੜ ਬਰੜ ਚਿੱਟੀ ਕਾਲੀ ਦਾੜ੍ਹੀ । ਮੈਂ ਆਪਣੀ ਦਾੜ੍ਹੀ ਡਾਈ ਕਰਦਾ ਹਾਂ । ਕੋਈ ਕਵੀ ਆਪਣੇ ਪਾਠਕ 'ਤੇ ਅਜਿਹਾ ਪ੍ਰਭਾਵ ਵੀ ਪਾ ਸਕਦਾ ਹੈ ।
ਮੈਨੂੰ ਇਹਦੀ ਦੋ ਸਤਰੀ ਕਵਿਤਾ ਯਾਦ ਆਉਂਦੀ ਹੈ :
                                ਬੁਰਸ਼ ਕਰ ਚਮਕਾ ਲਏ ਨੇ ਮੈਂ ਅਪਣੇ ਦੰਦ
                                ਅੱਜ ਦੇ ਦਿਨ ਦੀ ਬਰਾਬਰੀ ਕਰਨ ਲਈ ।।
             ਵੇਰਾ ਦੀਆਂ ਆਪਣੀ ਜ਼ਬਾਨ ਵਿਚ 16 ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ । ਪਿਛਲੇ ਵਰ੍ਹੇ ਇਕ ਕਿਤਾਬ " ਾ ਟਹeਰe ਸਿ ਸੋਮeਟਹਨਿਗ ਟੋ ਦeਸਰਿe : ੋਨe ਹੁਨਦਰeਦ ਪੋeਮਸ " ਅੰਗਰੇਜ਼ੀ ਵਿਚ ਰਿਲੀਜ਼ ਹੋਈ ਹੈ । ਰੂਸੀ ਤੋਂ ਅੰਗਰੇਜ਼ੀ ਵਿਚ ਵੇਰਾ ਦੀਆਂ ਕਵਿਤਾਵਾਂ ਇਹਦੇ ਪਤੀ ਸਟੇਵੇਨ ਸੇਮੂਰ ਨੇ ਅਨੁਵਾਦ ਕੀਤੀਆਂ ਹਨ । ਆਪਣੇ ਪਿਤਰੀ ਦੇਸ਼ ਰੂਸ ਵਿਚ ਤਾਂ ਪਾਵਲੋਵਾ ਪਹਿਲਾਂ ਹੀ ਮਸ਼ਹੂਰ ਸੀ ,ਹੁਣ ਇਹਦੀ ਕਵਿਤਾ ਸੰਸਾਰ ਭਰ 'ਚ ਚਰਚਾ ਦਾ ਵਿਸ਼ਾ ਹੈ ।
                 2 ਜੂਨ 1983 ਦਾ ਦਿਨ । ਜਣੇਪਾ ਵਾਰਡ 'ਚ ਪ੍ਰਸਵ ਪੀੜਾਂ ।  ਇਹਦੀ ਕੁਖੋਂ ਪਹਿਲੀ ਧੀ ਨਤਾਸ਼ਾ ਨੇ ਜਨਮ ਲਿਆ ਤਾਂ ਦੁੱਧ ਦੇ ਉਤਰਨ ਨਾਲ ਹੀ ਇਹਦੇ ਦਿਲੋਂ ਪਹਿਲੀ ਕਵਿਤਾ ਉਤਰ ਆਈ। ਇਹ ਉਹੀ ਵੇਲਾ ਸੀ ਜਦੋਂ ਪਾਵਲੋਵਾ ਨੂੰ ਲੱਗਿਆ ਕਿ ਉਹਦੇ ਅੰਦਰ ਕੁਝ ਉਫਨ ਰਿਹਾ ਹੈ , ਜਿਸ ਦੇ ਬਾਹਰ ਆਉਣਾ ਦਾ ਇਕੋ ਇਕ ਰਾਹ ਕਵਿਤਾ ਤੇ ਸਿਰਫ ਕਵਿਤਾ ਹੈ , ਇਸ ਤੋਂ ਬਿਨਾ ਹੋਰ ਕੁਝ ਵੀ ਨਹੀਂ । ਉਹਨੇ ਇਥੇ ਹੀ ਬਸ ਨਹੀਂ ਕੀਤੀ । ਘਰ ਪਰਿਵਾਰ ਨੂੰ ਚਲਾਉਂਦਿਆਂ ਆਲੇ ਦੁਆਲੇ ਨੂੰ ਵੱਖਰੇ ਕੋਣ ਤੋਂ ਦੇਖਦਿਆਂ ਉਹ ਨਵੇਂ ਮੁਹਾਵਰੇ ਵਿਚ ਕਵਿਤਾ ਰਚਣ ਲੱਗੀ । ਹੌਲੀ ਹੌਲੀ ਇਹਦੀਆਂ ਕਵਿਤਾਵਾਂ ਵੱਡੇ ਤੇ ਨਾਮਵਰ ਮੈਗਜ਼ੀਨਾਂ 'ਚ ਛਪਣ ਲੱਗੀਆਂ । ਅੱਜ-ਕੱਲ ਵੇਰਾ ਪਾਵਲੋਵਾ ਰੂਸੀ ਸਾਹਿਤ 'ਚ ਸਨਮਾਨਯੋਗ ਤੇ ਸਮਰੱਥ ਨਾਮ ਹੈ ।
                 ਵੇਰਾ ਪੰਜ ਸਾਲ ਦੀ ਉਮਰ 'ਚ ਰੂਸੀ ਭਾਸ਼ਾ ਦਾ ੳ ਅ ਸਿਖਣ ਦੇ ਨਾਲ ਨਾਲ ਸੰਗੀਤ ਦੀਆਂ ਧੁਨਾਂ ਵੀ ਪੜ੍ਹਨ ਲੱਗੀ । ਸੰਗੀਤ ਦੇ ਹਰ ਪੜਾਅ 'ਚੋਂ ਲੰਘਦਿਆਂ ਪਾਵਲੋਵਾ ਨੇ 23 ਸਾਲਾਂ ਦੀ ੳਮਰ'ਚ ਸੰਗੀਤ ਅਕਾਦਮੀ ਤੋਂ ਗਰੈਜ਼ੂਏਸ਼ਨ ਕੀਤੀ। ਇਹਦਾ ਆਖਣਾ ਹੈ ਕਿ ਉਹ ਕਵਿਤਾ ਲਈ ਸੰਗੀਤ ਤੋਂ ਚੰਗੇ ਕਿਸੇ ਅਧਿਆਪਕ ਨੂੰ ਨਹੀਂ ਜਾਣਦੀ । ਉਹਦੇ ਲਈ ਜ਼ਿੰਦਗੀ ਸਮਝਣਯੋਗ ਹੋ ਜਾਂਦੀ ਹੈ, ਜਦੋਂ ਉਹ ਕੰਮ ਕਰਦਿਆਂ ਸੰਗੀਤ ਦੇ ਨਿਯਮਾਂ ਨੂੰ ਜਾਣਦੀ ਹੈ । ਇਹਦੀਆਂ ਕਵਿਤਾਵਾਂ  ਪਿਆਰ , ਦੇਹ ,ਸੁਪਨੇ ਤੇ ਕਾਮੁਕਤਾ 'ਤੇ ਆਧਾਰਿਤ ਹਨ । ਪਾਵਲੋਵਾ  ਅਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਲਈ ਕਈ ਤਰਾਂ ਦੇ ਤਜ਼ੁਰਬੇ ਅਕਸਰ ਕਰਦੀ ਹੈ । ਦੂਜੇ ਕਲਾਕਾਰਾਂ ਨਾਲ ਰਲ ਕੇ ਸਟੇਜ ਸ਼ੋਅ ਤੋਂ ਇਲਾਵਾ ਵੀਡੀਓ , ਪੋਸਟ ਕਾਰਡ ਤੇ ਟੈਕਸਟ ਸੁਨੇਹਿਆਂ ਦੀ ਵਰਤੋਂ ਕਰਦਿਆਂ ਉਹ ਅਪਣੀ ਕਵਿਤਾ ਨੂੰ ਪਾਠਕਾਂ 'ਚ ਲੈ ਕੇ ਜਾਂਦੀ ਹੈ ।
                 ਇਹਦੀ ਛੋਟੀ ਧੀ ਲੀਜ਼ਾ ਪਾਵਲੋਵਾ ਮਨੋਵਿਗਿਆਨੀ ਹੈ । ਇਹਨੇ ਵੇਰਾ ਨਾਲ ਇਕ ਰਸਮੀ ਮੁਲਾਕਾਤ ਵਿਚ ਔਰਤ ਤੇ ਮਰਦ ਦੇ ਰਿਸ਼ਤੇ ਬਾਰੇ ਢੇਰਾਂ ਗੱਲਾਂ ਕੀਤੀਆਂ ਹਨ । ਵੇਰਾ ਨੂੰ ਔਰਤ ਹੋਣ 'ਤੇ ਮਾਣ ਹੈ । ਉਹ ਆਪਣੀ ਜ਼ਿੰਦਗੀ 'ਤੇ ਝਾਤ ਮਾਰਦਿਆਂ  ਦਸਦੀ ਹੈ ਕਿ ੧੧ ਸਾਲ ਦੀ ਉਮਰ 'ਚ ਉਹ ਡਾਇਰੀ ਲਿਖਣ ਲੱਗ ਪਈ ਸੀ ,ਜਿਸ ਵਿਚ ਉਹਨੇ ਆਪਣੇ ਪਹਿਲੇ ਪਿਆਰ , ਪਹਿਲੇ ਚੁੰਮਣ , ਪਹਿਲੇ ਖੂਨ , ਪਹਿਲੀ ਬਰਾ ਦਾ ਜ਼ਿਕਰ ਕੀਤਾ ਹੈ । ਉਹਨੇ ਆਪਣੀ ਡਾਇਰੀ ਵਿਚ ਆਪਣੇ ਲਿੰਗ ਪ੍ਰਤੀ ਸਭ ਕੁਝ ਨੂੰ ਲਿਖਿਆ ਸਿਵਾਏ ਉਸ ਨਿਰਾਸ਼ਤਾ ਉਦਾਸੀ ਤੇ ਚਾਅ ਦੇ ਜਿਸ ਨੇ ਉਸ ਨੂੰ ਤੰਗ ਕੀਤਾ । ਕਿਉਂਕਿ ਉਹਦੇ ਕੋਲ ਲਿਖਣ ਲਈ ਉਦੋਂ ਸ਼ਬਦ ਨਹੀਂ ਸਨ । ਕਵਿਤਾ ਉਹਦੇ ਪ੍ਰਗਟਾਵੇ ਦਾ ਸਹੀ ਮਾਧਿਅਮ ਹੈ  :  
                 

ਨਾਜ਼ੁਕ ਥਾਂ 'ਤੇ
ਬਹੁਤ ਹੀ ਕੋਮਲਤਾ ਨਾਲ
ਲਿਖੀਆਂ ਨੇ ਸਭ ਤੋਂ ਸੋਹਣੀਆਂ ਸਤਰਾਂ :
ਮੇਰੀ ਜੀਭ ਦੀ ਨੋਕ ਨੇ ਤੇਰੇ ਤਾਲੂਏ 'ਤੇ
ਤੇਰੀ ਛਾਤੀ 'ਤੇ
ਬਹੁਤ ਛੋਟੇ ਛੋਟੇ ਅੱਖਰਾਂ 'ਚ
ਤੇਰੇ ਢਿੱਡ 'ਤੇ

ਲਿਖਿਆ ਹੈ ਇਹ ਸਭ ਮੈਂ
ਸਹਿਜੇ ਸਹਿਜੇ
ਪਿਆਰ ਨਾਲ ਪਿਆਰੇ

ਕੀ ਅਪਣੇ ਹੋਠਾਂ ਨਾਲ
ਮਿਟਾ ਸਕਦੀ ਹਾਂ ਮੈਂ
ਤੇਰੇ ਮੱਥੇ ਉਭਰਿਆ ਹੈਰਾਨੀਜਨਕ ਚਿਨ੍ਹ ?

2
ਇਕ ਭਾਰ ਮੇਰੀ ਪਿੱਠ ਤੇ
ਚਾਨਣ ਕੁੱਖ 'ਚ
ਠਹਿਰ ਜਾ ਥੋੜ੍ਹਾ ਚਿਰ ਹੋਰ
ਮੇਰੇ ਅੰਦਰ
ਜੜ੍ਹਾਂ ਲਾ ਲੈ

ਜਦੋਂ ਤੂੰ ਸਵਾਰ ਹੁੰਨੈ
ਮੇਰੇ 'ਤੇ
ਜੇਤੂ ਤੇ ਮਾਣ ਮਹਿਸੂਸ ਕਰਦੀ ਹਾਂ
ਜਿਵੇਂ ਬਚਾ ਕੇ ਲੈ ਚੱਲੀ ਹੋਵਾਂ ਤੈਨੂੰ
ਚੁਫੇਰਿਓਂ ਘਿਰੇ ਸ਼ਹਿਰ ਤੋਂ ਬਾਹਰ ।।
3
ਕਿੰਨਾ ਛੋਟਾ ਹੈ ' ਹਾਂ ' ਸ਼ਬਦ

ਇਸ ਨੂੰ ਤਾਂ ਹੋਣਾ ਚਾਹੀਂਦਾ ਸੀ
ਬਹੁਤ ਲੰਬਾ
ਬਹੁਤ ਕਠਿਨ

ਤਾਂ ਕਿ ਉਸੇ ਛਿਣ
ਕਹਿ ਨਾ ਸਕੋ
ਤੁਸੀਂ ਇਸ ਨੂੰ

ਤੇ ਮਨ ਕਰੇ
ਤਾਂ ਰੁਕਿਆ ਜਾ ਸਕੇ ਵਿਚਕਾਰੋਂ ਹੀ
ਇਸ ਨੂੰ ਕਹਿੰਦਿਆ ਕਹਿੰਦਿਆਂ ।।
4
ਦਿਲ ਤੋੜ ਕੇ ਤੇਰਾ
ਨੰਗੇ ਪੈਰ ਤੁਰ ਰਹੀ ਹਾਂ
ਕੱਚ ਦੇ ਟੁਕੜਿਆਂ 'ਤੇ ।।
5
ਕਵਿਤਾਵਾਂ ਲਿਖਦਿਆਂ
ਚੀਰ ' ਤਾ
ਤਲੀ ਨੂੰ ਕਾਗਜ਼ ਨੇ

ਤਕਰੀਬਨ ਇਕ ਚੌਥਾਈ
ਵਧਾ ਦਿੱਤੀ ਇਸ ਚੀਰੇ ਨੇ
ਮੇਰੀ ਜੀਵਨ ਰੇਖਾ
6
ਅੱਖਾਂ ਮੇਰੀਆਂ
ਐਨੀਆ ਉਦਾਸ
ਹੱਸਮੁਖ ਨਹੀਂ ਮੈਂ

ਸ਼ਬਦ ਮੇਰੇ
ਰੁੱਖੇ ਐਨੇ
ਨਿਮਰ ਕੋਮਲ ਨਹੀਂ ਮੈਂ

ਕੰਮ ਮੇਰੇ ਬੇਢੱਬੇ
ਕਿੱਥੇ ਗਈ
ਅਕਲ ਮੇਰੀ

ਦੋਸਤ ਮੇਰੇ
ਬੇਜ਼ਾਨ ਕਿਉਂ
ਮਜ਼ਬੂਤ ਨਹੀਂ ਮੈਂ ?
7
ਲਿਖਦੀ ਹਾਂ ਖੂੰਝੇ 'ਚ ਵੜ ਕੇ

ਤੂੰ ਤਾਂ ਕਹੇਂਗਾ
ਕਰੋਸ਼ੀਏ 'ਤੇ
ਦਸਤਾਨੇ ਬੁਣ ਰੰਗ ਬਰੰਗੇ
ਆਉਣ ਵਾਲੇ ਬੱਚੇ ਲਈ
8
ਕਾਸ਼ ! ਮੈਂ ਜਾਣ ਜਾਂਦੀ
ਕਿਹੜੀ ਭਾਸ਼ਾ 'ਚ ਕਰਦਾ ਹੈਂ
ਤੂੰ ਆਪਣੇ ਪਿਆਰ ਦਾ ਅਨੁਵਾਦ

ਕਾਸ਼ ! ਮੈਂ ਜਾਣ ਜਾਂਦੀ ਮੂਲ
ਬੁੱਝ ਸਕਦੀ ਸਰੋਤ
ਤਾਂ ਪਲਟਦੀ ਸ਼ਬਦ-ਕੋਸ਼

ਸੱਚ ਮੰਨੀ
ਜਿਉਂ ਦਾ ਤਿਉਂ ਪੇਸ਼ ਹੈ
ਸਭ ਕੁਝ
9
ਲਟਕਾ ਦਿੱਤੀ ਗਈ ਹਾਂ
ਤੇ ਡਿੱਗ ਰਹੀ ਹਾਂ
ਇੰਨੀ ਉਚਾਈ ਤੋਂ

ਕਿ ਬਹੁਤ ਸਮਾਂ ਹੈ
ਇਸ ਦੁਰਾਨ
ਸਿਖ ਜਾਵਾਂਗੀ
ਉਡਣਾ
10
ਤੱਕੜੀ ਦੇ ਇਕ ਪੱਲੜੇ 'ਚ ਖੁਸ਼ੀ ਹੈ
ਦੂਜੇ 'ਚ ਦੁੱਖ

ਦੁੱਖ ਦਾ ਭਾਰ ਹੈ ਜ਼ਿਆਦਾ
ਉਪਰ ਉਠਦੀ ਜਾ ਰਹੀ ਹੈ ਖੁਸ਼ੀ ।।
11
ਸਦੀਵੀ ਬਣਾ ਦੇ ਮੈਨੂੰ
ਬਰਫ਼ ਲੈ ਥੋੜ੍ਹੀ ਜਿਹੀ
ਘੜ੍ਹ ਦੇ ਮੇਰੀ ਮੂਰਤ ਇਹਦੇ ਵਿਚ

ਆਪਣੇ ਨਿੱਘੇ ਤੇ ਖੁਰਦੁਰੇ ਹੱਥਾਂ ਨਾਲ
ਸੰਵਾਰੀ ਜਾ
ਲਸ਼ਕਾਈ ਜਾ ਓਦੋਂ ਤਕ
ਪੈਦਾ ਨਾ ਹੋ ਜਾਵੇ ਮੇਰੇ ਅੰਦਰੋ
ਰੋਸ਼ਨੀ ਜਦੋਂ ਤਕ ।।
12
ਉਸ ਨੇ ਜ਼ਿੰਦਗੀ ਦਿੱਤੀ ਤੋਹਫੇ 'ਚ ਮੈਨੂੰ
ਮੈਂ ਕੀ ਦੇ ਸਕਦੀ ਹਾਂ ਬਦਲੇ 'ਚ ਉਸਨੂੰ ?

ਆਪਣੀਆਂ ਕਵਿਤਾਵਾਂ
ਹੋਰ ਕੁਝ ਹੈ ਵੀ ਨਹੀਂ ਮੇਰੇ ਕੋਲ

ਪਰ ਕੀ ਇਹ ਸੱਚਮੁੱਚ ਮੇਰੀਆਂ ਹੀ ਹਨ ?

ਉਵੇਂ ਹੀ ਜਿਵੇਂ ਬਚਪਨ 'ਚ
ਮਾਂ ਦੇ ਜਨਮ ਦਿਨ 'ਤੇ
ਮੈਂ ਚੁਣਦੀ ਸਾਂ ਕੋਈ ਕਾਰਡ
ਤੇ ਕੀਮਤ ਅਦਾ ਕਰਦੀ ਸਾਂ
ਪਿਤਾ ਦੇ ਪੈਸਿਆਂ ਨਾਲ ।।

Saturday, May 14, 2011

ਵੇਰਾ ਪਾਵਲੋਵਾ ਦੀਆਂ ਦੋ ਕਵਿਤਾਵਾਂ

ਵੇਰਾ ਪਾਵਲੋਵਾ ਰੂਸ ਦੀ ਸੁਹਣੀ ਸੁਨੱਖੀ ਸ਼ਾਇਰਾ ਹੈ । ਇਹਦੀ ਆਪਣੀ ਜ਼ਬਾਨ ਵਿਚ 19 ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ । ਪਿਛਲੇ ਵਰ੍ਹੇ ਇਸ ਬੀਬੀ ਦੀ ਇਕ ਕਿਤਾਬ " If there is something to desire " ਅੰਗਰੇਜ਼ੀ ਵਿਚ ਰਿਲੀਜ਼ ਹੋਈ ਹੈ । ਰੂਸੀ ਤੋਂ ਅੰਗਰੇਜ਼ੀ ਵਿਚ ਵੇਰਾ ਦੀਆਂ ਕਵਿਤਾਵਾਂ ਇਹਦੇ ਪਤੀ ਨੇ ਅਨੁਵਾਦ ਕੀਤੀਆਂ ਹਨ ।
1983 'ਚ ਇਹਦੀ ਕੁਖੋਂ ਪਹਿਲੀ ਧੀ ਨੇ ਜਨਮ ਲਿਆ ਤਾਂ ਦੁੱਧ ਦੇ ਉਤਰਨ ਨਾਲ ਹੀ ਇਹਦੇ ਦਿਲੋਂ ਕਵਿਤਾਵਾਂ ਉਤਰ ਆਈਆਂ । ਛੋਟੀਆਂ ਛੋਟੀਆਂ ਕਵਿਤਾਵਾਂ ਲਿਖਦੀ ਇਹ ਬੀਬੀ ਰੂਸ ਵਿਚ ਤਾਂ ਮਸ਼ਹੂਰ ਹੈ ਹੀ ਅੱਜ-ਕੱਲ੍ਹ ਸੰਸਾਰ ਪੱਧਰ 'ਤੇ ਵੀ ਇਹਦੀਆਂ ਕਵਿਤਾਵਾਂ ਪੜ੍ਹੀਆਂ ਜਾ ਰਹੀਆਂ ਹਨ । ਬਿਜਲਈ ਤਾਣੇ-ਬਾਣੇ ਦਾ ਇਹ ਕਮਾਲ ਹੈ ਕਿ ਮਾਨਸਾ 'ਚ ਬੈਠਾ ਕੋਈ ਪੇਂਡੂ ਬੰਦਾ ਇਹਦੀਆਂ ਕਵਿਤਾਵਾਂ ਨੂੰ ਪੜ੍ਹ ਰਿਹਾ ਹੈ ।ਆਪਣੇ ਇਸ ਨਵੇਂ ਬਲਾਗ ਦੀ ਪੋਸਟ ਮੈਂ ਵੇਰਾ ਦੀਆਂ ਦੋ ਕਵਿਤਾਵਾਂ ਨਾਲ ਕਰਦਿਆਂ ਮਨੋਜ ਪਟੇਲ ਦਾ ਧੰਨਵਾਦ ਕਰਦਾ ਹਾਂ, ਜਿਹਦੇ ਬਲਾਗ ਰਾਹੀਂ ਮੈਂ ਵੇਰਾ ਦੀਆਂ ਕਵਿਤਾਵਾਂ ਤਕ ਪਹੁੰਚਿਆ ।
1
ਨਾਜ਼ੁਕ ਥਾਂ 'ਤੇ
ਬਹੁਤ ਹੀ ਕੋਮਲਤਾ ਨਾਲ
ਲਿਖੀਆਂ ਨੇ ਸਭ ਤੋਂ ਸੋਹਣੀਆਂ ਸਤਰਾਂ :
ਮੇਰੀ ਜੀਭ ਦੀ ਨੋਕ ਨੇ ਤੇਰੇ ਤਾਲੂਏ 'ਤੇ
ਤੇਰੀ ਛਾਤੀ 'ਤੇ
ਬਹੁਤ ਛੋਟੇ ਛੋਟੇ ਅੱਖਰਾਂ 'ਚ
ਤੇਰੇ ਢਿੱਡ 'ਤੇ

ਲਿਖਿਆ ਹੈ ਇਹ ਸਭ ਮੈਂ
ਸਹਿਜੇ ਸਹਿਜੇ
ਪਿਆਰ ਨਾਲ ਪਿਆਰੇ

ਕੀ ਅਪਣੇ ਹੋਠਾਂ ਨਾਲ
ਮਿਟਾ ਸਕਦੀ ਹਾਂ ਮੈਂ
ਤੇਰੇ ਮੱਥੇ ਉਭਰਿਆ ਹੈਰਾਨੀਜਨਕ ਚਿਨ੍ਹ ?

2
ਇਕ ਭਾਰ ਮੇਰੀ ਪਿੱਠ ਤੇ
ਚਾਨਣ ਕੁੱਖ 'ਚ
ਠਹਿਰ ਜਾ ਥੋੜ੍ਹਾ ਚਿਰ ਹੋਰ
ਮੇਰੇ ਅੰਦਰ
ਜੜ੍ਹਾਂ ਲਾ ਲੈ

ਜਦੋਂ ਤੂੰ ਸਵਾਰ ਹੁੰਨੈ
ਮੇਰੇ 'ਤੇ
ਜੇਤੂ ਤੇ ਮਾਣ ਮਹਿਸੂਸ ਕਰਦੀ ਹਾਂ
ਜਿਵੇਂ ਬਚਾ ਕੇ ਲੈ ਚੱਲੀ ਹੋਵਾਂ ਤੈਨੂੰ
ਚੁਫੇਰਿਓਂ ਘਿਰੇ ਸ਼ਹਿਰ ਤੋਂ ਬਾਹਰ ।।