ਆ ਜਾ
ਛੁਹਾਂ ਤੈਨੂੰ
ਛੁਹ ਤੂੰ ਮੈਨੂੰ
ਉਦੋਂ ਤਕ
ਸਾਡੇ ਹੱਥ
ਹਥੇਲੀਆਂ ਕੂਹਣੀਆਂ ਨੇ
ਜਦੋਂ ਤਕ
ਆ ਪਿਆਰ ਕਰੀਏ
ਇਕ ਦੂਜੇ ਨੂੰ
ਇਹ ਸੱਦਾ ਰੂਸੀ ਸ਼ਾਇਰਾ ਵੇਰਾ ਪਾਵਲੋਵਾ ਦਾ ਹੈ । ਇਹਦੇ ਨਾਲ ਪਹਿਲੀ ਸਿਆਣ ਇਹਦੀ ਫੋਟੋ ਦਾ ਆਕਰਸ਼ਨ ਹੈ । ਪੈਰਾਂ ਭਾਰ ਬੈਠੀ ਵੇਰਾ ਇਸ ਤਰਾਂ ਲਗਦੀ ਹੈ ਜਿਵੇਂ ਧਰਤੀ ਦੇ ਫੁੱਲ 'ਤੇ ਤਿਤਲੀ ਮੰਡਰਾਉਂਦੀ ਹੋਵੇ । ਕਿਸੇ ਹੋਰ ਫੋਟੋ 'ਚ ਉਹ ਲੰਮੀਆਂ ਪੱਤੀਆਂ ਵਾਲੇ ਘਾਹ 'ਤੇ ਮੂਧੇ ਮੂੰਹ ਲੇਟੀ ਹੋਈ ਹੈ , ਘਿਉ ਕਪੂਰੀ ਫੁੱਲਾਂ ਵਾਲੀ ਵੇਲ । ਦੇਖਦਿਆਂ ਵੇਰਾ ਦਾ ਕਥਨ ਜਿਉਂਦਾ ਜਾਗਦਾ ਤੁਹਾਡੇ ਸਾਹਮਣੇ ਸਾਕਾਰ ਹੋ ਜਾਂਦਾ ਹੈ ," ਅਸਲ ਕਵਿਤਾ ਪੂਰੀ ਦੇਹ ਨਾਲ ਹੀ ਲਿਖੀ ਜਾਂਦੀ ਹੈ । " ਪੰਜਾਬੀ ਬੀਬੀਆਂ ਯਾਦ ਆਉਂਦੀਆਂ ਹਨ । ਲੋਕ-ਕਾਵਿ 'ਚ ਇਹਨਾ ਕੋਲ ਅਜਿਹਾ ਹੀ ਵੇਗ ਹੈ । ਦੇਹ ਨਾਲ ਕਵਿਤਾ ਲਿਖਣ ਦਾ ਵੱਲ ਵੇਰਾ ਨੇ ਇਹਨਾ ਕੋਲੋਂ ਹੀ ਸਿਖਿਆ ਹੋਵੇਗਾ ! ਪਰ ਸਮਕਾਲੀ ਸ਼ਾਇਰਾਵਾਂ æææ ਖੈਰ ਆਪਾਂ ਵੇਰਾ ਦੀ ਗੱਲ ਕਰ ਰਹੇ ਹਾਂ । ਵੇਰਾ ਆਖਦੀ ਹੈ ਕਵਿਤਾ ਲਿਖਣਾ ਦੀ ਪ੍ਰੇਰਨਾ ਭਾਸ਼ਾ ਨਾਲ ਸੈਕਸੁਅਲ ਇੰਟਰਕੋਰਸ ਕਰਨਾ ਹੈ । ਮੈਂ ਭਾਸ਼ਾ ਦੀ ਲੋੜ ਸਦਾ ਮਹਿਸੂਸ ਕਰਦੀ ਹਾਂ ਅਤੇ ਮੈਂ ਇਹਨੂੰ ਕਦੇ ਵੀ ਨਾਂਹ ਨਹੀਂ ਕਰਦੀ । ਮੇਰੇ ਲਈ ਇਹ ਹਮੇਸ਼ਾਂ ਸੋਹਣਾ ਅਨੁਭਵ ਹੁੰਦੈ ,ਕੀ ਭਾਸ਼ਾ ਲਈ ਵੀ ? ਕਦੇ ਇਹਦਾ ਉਤਰ ਹਾਂ ਹੁੰਦੈ ਕਦੇ ਠੀਕ ਠੀਕ ।
ਇਸ ਸੁਹਣੀ ਸੁਨੱਖੀ ਸ਼ਾਇਰਾ ਦਾ ਜਨਮ ਮਾਸਕੋ ਵਿਖੇ 1963 'ਚ ਹੋਇਆ । ਮੇਰੇ ਤੋਂ ਉਮਰ 'ਚ ਪੰਜ ਸਾਲ ਵੱਡੀ ,ਪਰ ਦੇਖਣ 'ਚ ਪੰਦਰਾਂ ਸਾਲ ਛੋਟੀ । ਮੈਨੂੰ ਸਵੇਰੇ ਸ਼ੀਸ਼ੇ 'ਚ ਦੇਖਿਆ ਅਪਣਾ ਚਿਹਰਾ ਯਾਦ ਆਇਆ : ਕਰੜ ਬਰੜ ਚਿੱਟੀ ਕਾਲੀ ਦਾੜ੍ਹੀ । ਮੈਂ ਆਪਣੀ ਦਾੜ੍ਹੀ ਡਾਈ ਕਰਦਾ ਹਾਂ । ਕੋਈ ਕਵੀ ਆਪਣੇ ਪਾਠਕ 'ਤੇ ਅਜਿਹਾ ਪ੍ਰਭਾਵ ਵੀ ਪਾ ਸਕਦਾ ਹੈ ।
ਮੈਨੂੰ ਇਹਦੀ ਦੋ ਸਤਰੀ ਕਵਿਤਾ ਯਾਦ ਆਉਂਦੀ ਹੈ :
ਬੁਰਸ਼ ਕਰ ਚਮਕਾ ਲਏ ਨੇ ਮੈਂ ਅਪਣੇ ਦੰਦ
ਅੱਜ ਦੇ ਦਿਨ ਦੀ ਬਰਾਬਰੀ ਕਰਨ ਲਈ ।।
ਵੇਰਾ ਦੀਆਂ ਆਪਣੀ ਜ਼ਬਾਨ ਵਿਚ 16 ਦੇ ਕਰੀਬ ਕਿਤਾਬਾਂ ਪ੍ਰਕਾਸ਼ਤ ਹੋ ਚੁਕੀਆਂ ਹਨ । ਪਿਛਲੇ ਵਰ੍ਹੇ ਇਕ ਕਿਤਾਬ " ਾ ਟਹeਰe ਸਿ ਸੋਮeਟਹਨਿਗ ਟੋ ਦeਸਰਿe : ੋਨe ਹੁਨਦਰeਦ ਪੋeਮਸ " ਅੰਗਰੇਜ਼ੀ ਵਿਚ ਰਿਲੀਜ਼ ਹੋਈ ਹੈ । ਰੂਸੀ ਤੋਂ ਅੰਗਰੇਜ਼ੀ ਵਿਚ ਵੇਰਾ ਦੀਆਂ ਕਵਿਤਾਵਾਂ ਇਹਦੇ ਪਤੀ ਸਟੇਵੇਨ ਸੇਮੂਰ ਨੇ ਅਨੁਵਾਦ ਕੀਤੀਆਂ ਹਨ । ਆਪਣੇ ਪਿਤਰੀ ਦੇਸ਼ ਰੂਸ ਵਿਚ ਤਾਂ ਪਾਵਲੋਵਾ ਪਹਿਲਾਂ ਹੀ ਮਸ਼ਹੂਰ ਸੀ ,ਹੁਣ ਇਹਦੀ ਕਵਿਤਾ ਸੰਸਾਰ ਭਰ 'ਚ ਚਰਚਾ ਦਾ ਵਿਸ਼ਾ ਹੈ ।
2 ਜੂਨ 1983 ਦਾ ਦਿਨ । ਜਣੇਪਾ ਵਾਰਡ 'ਚ ਪ੍ਰਸਵ ਪੀੜਾਂ । ਇਹਦੀ ਕੁਖੋਂ ਪਹਿਲੀ ਧੀ ਨਤਾਸ਼ਾ ਨੇ ਜਨਮ ਲਿਆ ਤਾਂ ਦੁੱਧ ਦੇ ਉਤਰਨ ਨਾਲ ਹੀ ਇਹਦੇ ਦਿਲੋਂ ਪਹਿਲੀ ਕਵਿਤਾ ਉਤਰ ਆਈ। ਇਹ ਉਹੀ ਵੇਲਾ ਸੀ ਜਦੋਂ ਪਾਵਲੋਵਾ ਨੂੰ ਲੱਗਿਆ ਕਿ ਉਹਦੇ ਅੰਦਰ ਕੁਝ ਉਫਨ ਰਿਹਾ ਹੈ , ਜਿਸ ਦੇ ਬਾਹਰ ਆਉਣਾ ਦਾ ਇਕੋ ਇਕ ਰਾਹ ਕਵਿਤਾ ਤੇ ਸਿਰਫ ਕਵਿਤਾ ਹੈ , ਇਸ ਤੋਂ ਬਿਨਾ ਹੋਰ ਕੁਝ ਵੀ ਨਹੀਂ । ਉਹਨੇ ਇਥੇ ਹੀ ਬਸ ਨਹੀਂ ਕੀਤੀ । ਘਰ ਪਰਿਵਾਰ ਨੂੰ ਚਲਾਉਂਦਿਆਂ ਆਲੇ ਦੁਆਲੇ ਨੂੰ ਵੱਖਰੇ ਕੋਣ ਤੋਂ ਦੇਖਦਿਆਂ ਉਹ ਨਵੇਂ ਮੁਹਾਵਰੇ ਵਿਚ ਕਵਿਤਾ ਰਚਣ ਲੱਗੀ । ਹੌਲੀ ਹੌਲੀ ਇਹਦੀਆਂ ਕਵਿਤਾਵਾਂ ਵੱਡੇ ਤੇ ਨਾਮਵਰ ਮੈਗਜ਼ੀਨਾਂ 'ਚ ਛਪਣ ਲੱਗੀਆਂ । ਅੱਜ-ਕੱਲ ਵੇਰਾ ਪਾਵਲੋਵਾ ਰੂਸੀ ਸਾਹਿਤ 'ਚ ਸਨਮਾਨਯੋਗ ਤੇ ਸਮਰੱਥ ਨਾਮ ਹੈ ।
ਵੇਰਾ ਪੰਜ ਸਾਲ ਦੀ ਉਮਰ 'ਚ ਰੂਸੀ ਭਾਸ਼ਾ ਦਾ ੳ ਅ ਸਿਖਣ ਦੇ ਨਾਲ ਨਾਲ ਸੰਗੀਤ ਦੀਆਂ ਧੁਨਾਂ ਵੀ ਪੜ੍ਹਨ ਲੱਗੀ । ਸੰਗੀਤ ਦੇ ਹਰ ਪੜਾਅ 'ਚੋਂ ਲੰਘਦਿਆਂ ਪਾਵਲੋਵਾ ਨੇ 23 ਸਾਲਾਂ ਦੀ ੳਮਰ'ਚ ਸੰਗੀਤ ਅਕਾਦਮੀ ਤੋਂ ਗਰੈਜ਼ੂਏਸ਼ਨ ਕੀਤੀ। ਇਹਦਾ ਆਖਣਾ ਹੈ ਕਿ ਉਹ ਕਵਿਤਾ ਲਈ ਸੰਗੀਤ ਤੋਂ ਚੰਗੇ ਕਿਸੇ ਅਧਿਆਪਕ ਨੂੰ ਨਹੀਂ ਜਾਣਦੀ । ਉਹਦੇ ਲਈ ਜ਼ਿੰਦਗੀ ਸਮਝਣਯੋਗ ਹੋ ਜਾਂਦੀ ਹੈ, ਜਦੋਂ ਉਹ ਕੰਮ ਕਰਦਿਆਂ ਸੰਗੀਤ ਦੇ ਨਿਯਮਾਂ ਨੂੰ ਜਾਣਦੀ ਹੈ । ਇਹਦੀਆਂ ਕਵਿਤਾਵਾਂ ਪਿਆਰ , ਦੇਹ ,ਸੁਪਨੇ ਤੇ ਕਾਮੁਕਤਾ 'ਤੇ ਆਧਾਰਿਤ ਹਨ । ਪਾਵਲੋਵਾ ਅਪਣੀਆਂ ਕਵਿਤਾਵਾਂ ਦੀ ਪੇਸ਼ਕਾਰੀ ਲਈ ਕਈ ਤਰਾਂ ਦੇ ਤਜ਼ੁਰਬੇ ਅਕਸਰ ਕਰਦੀ ਹੈ । ਦੂਜੇ ਕਲਾਕਾਰਾਂ ਨਾਲ ਰਲ ਕੇ ਸਟੇਜ ਸ਼ੋਅ ਤੋਂ ਇਲਾਵਾ ਵੀਡੀਓ , ਪੋਸਟ ਕਾਰਡ ਤੇ ਟੈਕਸਟ ਸੁਨੇਹਿਆਂ ਦੀ ਵਰਤੋਂ ਕਰਦਿਆਂ ਉਹ ਅਪਣੀ ਕਵਿਤਾ ਨੂੰ ਪਾਠਕਾਂ 'ਚ ਲੈ ਕੇ ਜਾਂਦੀ ਹੈ ।
ਇਹਦੀ ਛੋਟੀ ਧੀ ਲੀਜ਼ਾ ਪਾਵਲੋਵਾ ਮਨੋਵਿਗਿਆਨੀ ਹੈ । ਇਹਨੇ ਵੇਰਾ ਨਾਲ ਇਕ ਰਸਮੀ ਮੁਲਾਕਾਤ ਵਿਚ ਔਰਤ ਤੇ ਮਰਦ ਦੇ ਰਿਸ਼ਤੇ ਬਾਰੇ ਢੇਰਾਂ ਗੱਲਾਂ ਕੀਤੀਆਂ ਹਨ । ਵੇਰਾ ਨੂੰ ਔਰਤ ਹੋਣ 'ਤੇ ਮਾਣ ਹੈ । ਉਹ ਆਪਣੀ ਜ਼ਿੰਦਗੀ 'ਤੇ ਝਾਤ ਮਾਰਦਿਆਂ ਦਸਦੀ ਹੈ ਕਿ ੧੧ ਸਾਲ ਦੀ ਉਮਰ 'ਚ ਉਹ ਡਾਇਰੀ ਲਿਖਣ ਲੱਗ ਪਈ ਸੀ ,ਜਿਸ ਵਿਚ ਉਹਨੇ ਆਪਣੇ ਪਹਿਲੇ ਪਿਆਰ , ਪਹਿਲੇ ਚੁੰਮਣ , ਪਹਿਲੇ ਖੂਨ , ਪਹਿਲੀ ਬਰਾ ਦਾ ਜ਼ਿਕਰ ਕੀਤਾ ਹੈ । ਉਹਨੇ ਆਪਣੀ ਡਾਇਰੀ ਵਿਚ ਆਪਣੇ ਲਿੰਗ ਪ੍ਰਤੀ ਸਭ ਕੁਝ ਨੂੰ ਲਿਖਿਆ ਸਿਵਾਏ ਉਸ ਨਿਰਾਸ਼ਤਾ ਉਦਾਸੀ ਤੇ ਚਾਅ ਦੇ ਜਿਸ ਨੇ ਉਸ ਨੂੰ ਤੰਗ ਕੀਤਾ । ਕਿਉਂਕਿ ਉਹਦੇ ਕੋਲ ਲਿਖਣ ਲਈ ਉਦੋਂ ਸ਼ਬਦ ਨਹੀਂ ਸਨ । ਕਵਿਤਾ ਉਹਦੇ ਪ੍ਰਗਟਾਵੇ ਦਾ ਸਹੀ ਮਾਧਿਅਮ ਹੈ :
੧
ਨਾਜ਼ੁਕ ਥਾਂ 'ਤੇ
ਬਹੁਤ ਹੀ ਕੋਮਲਤਾ ਨਾਲ
ਲਿਖੀਆਂ ਨੇ ਸਭ ਤੋਂ ਸੋਹਣੀਆਂ ਸਤਰਾਂ :
ਮੇਰੀ ਜੀਭ ਦੀ ਨੋਕ ਨੇ ਤੇਰੇ ਤਾਲੂਏ 'ਤੇ
ਤੇਰੀ ਛਾਤੀ 'ਤੇ
ਬਹੁਤ ਛੋਟੇ ਛੋਟੇ ਅੱਖਰਾਂ 'ਚ
ਤੇਰੇ ਢਿੱਡ 'ਤੇ
ਲਿਖਿਆ ਹੈ ਇਹ ਸਭ ਮੈਂ
ਸਹਿਜੇ ਸਹਿਜੇ
ਪਿਆਰ ਨਾਲ ਪਿਆਰੇ
ਕੀ ਅਪਣੇ ਹੋਠਾਂ ਨਾਲ
ਮਿਟਾ ਸਕਦੀ ਹਾਂ ਮੈਂ
ਤੇਰੇ ਮੱਥੇ ਉਭਰਿਆ ਹੈਰਾਨੀਜਨਕ ਚਿਨ੍ਹ ?
2
ਇਕ ਭਾਰ ਮੇਰੀ ਪਿੱਠ ਤੇ
ਚਾਨਣ ਕੁੱਖ 'ਚ
ਠਹਿਰ ਜਾ ਥੋੜ੍ਹਾ ਚਿਰ ਹੋਰ
ਮੇਰੇ ਅੰਦਰ
ਜੜ੍ਹਾਂ ਲਾ ਲੈ
ਜਦੋਂ ਤੂੰ ਸਵਾਰ ਹੁੰਨੈ
ਮੇਰੇ 'ਤੇ
ਜੇਤੂ ਤੇ ਮਾਣ ਮਹਿਸੂਸ ਕਰਦੀ ਹਾਂ
ਜਿਵੇਂ ਬਚਾ ਕੇ ਲੈ ਚੱਲੀ ਹੋਵਾਂ ਤੈਨੂੰ
ਚੁਫੇਰਿਓਂ ਘਿਰੇ ਸ਼ਹਿਰ ਤੋਂ ਬਾਹਰ ।।
3
ਕਿੰਨਾ ਛੋਟਾ ਹੈ ' ਹਾਂ ' ਸ਼ਬਦ
ਇਸ ਨੂੰ ਤਾਂ ਹੋਣਾ ਚਾਹੀਂਦਾ ਸੀ
ਬਹੁਤ ਲੰਬਾ
ਬਹੁਤ ਕਠਿਨ
ਤਾਂ ਕਿ ਉਸੇ ਛਿਣ
ਕਹਿ ਨਾ ਸਕੋ
ਤੁਸੀਂ ਇਸ ਨੂੰ
ਤੇ ਮਨ ਕਰੇ
ਤਾਂ ਰੁਕਿਆ ਜਾ ਸਕੇ ਵਿਚਕਾਰੋਂ ਹੀ
ਇਸ ਨੂੰ ਕਹਿੰਦਿਆ ਕਹਿੰਦਿਆਂ ।।
4
ਦਿਲ ਤੋੜ ਕੇ ਤੇਰਾ
ਨੰਗੇ ਪੈਰ ਤੁਰ ਰਹੀ ਹਾਂ
ਕੱਚ ਦੇ ਟੁਕੜਿਆਂ 'ਤੇ ।।
5
ਕਵਿਤਾਵਾਂ ਲਿਖਦਿਆਂ
ਚੀਰ ' ਤਾ
ਤਲੀ ਨੂੰ ਕਾਗਜ਼ ਨੇ
ਤਕਰੀਬਨ ਇਕ ਚੌਥਾਈ
ਵਧਾ ਦਿੱਤੀ ਇਸ ਚੀਰੇ ਨੇ
ਮੇਰੀ ਜੀਵਨ ਰੇਖਾ
6
ਅੱਖਾਂ ਮੇਰੀਆਂ
ਐਨੀਆ ਉਦਾਸ
ਹੱਸਮੁਖ ਨਹੀਂ ਮੈਂ
ਸ਼ਬਦ ਮੇਰੇ
ਰੁੱਖੇ ਐਨੇ
ਨਿਮਰ ਕੋਮਲ ਨਹੀਂ ਮੈਂ
ਕੰਮ ਮੇਰੇ ਬੇਢੱਬੇ
ਕਿੱਥੇ ਗਈ
ਅਕਲ ਮੇਰੀ
ਦੋਸਤ ਮੇਰੇ
ਬੇਜ਼ਾਨ ਕਿਉਂ
ਮਜ਼ਬੂਤ ਨਹੀਂ ਮੈਂ ?
7
ਲਿਖਦੀ ਹਾਂ ਖੂੰਝੇ 'ਚ ਵੜ ਕੇ
ਤੂੰ ਤਾਂ ਕਹੇਂਗਾ
ਕਰੋਸ਼ੀਏ 'ਤੇ
ਦਸਤਾਨੇ ਬੁਣ ਰੰਗ ਬਰੰਗੇ
ਆਉਣ ਵਾਲੇ ਬੱਚੇ ਲਈ
8
ਕਾਸ਼ ! ਮੈਂ ਜਾਣ ਜਾਂਦੀ
ਕਿਹੜੀ ਭਾਸ਼ਾ 'ਚ ਕਰਦਾ ਹੈਂ
ਤੂੰ ਆਪਣੇ ਪਿਆਰ ਦਾ ਅਨੁਵਾਦ
ਕਾਸ਼ ! ਮੈਂ ਜਾਣ ਜਾਂਦੀ ਮੂਲ
ਬੁੱਝ ਸਕਦੀ ਸਰੋਤ
ਤਾਂ ਪਲਟਦੀ ਸ਼ਬਦ-ਕੋਸ਼
ਸੱਚ ਮੰਨੀ
ਜਿਉਂ ਦਾ ਤਿਉਂ ਪੇਸ਼ ਹੈ
ਸਭ ਕੁਝ
9
ਲਟਕਾ ਦਿੱਤੀ ਗਈ ਹਾਂ
ਤੇ ਡਿੱਗ ਰਹੀ ਹਾਂ
ਇੰਨੀ ਉਚਾਈ ਤੋਂ
ਕਿ ਬਹੁਤ ਸਮਾਂ ਹੈ
ਇਸ ਦੁਰਾਨ
ਸਿਖ ਜਾਵਾਂਗੀ
ਉਡਣਾ
10
ਤੱਕੜੀ ਦੇ ਇਕ ਪੱਲੜੇ 'ਚ ਖੁਸ਼ੀ ਹੈ
ਦੂਜੇ 'ਚ ਦੁੱਖ
ਦੁੱਖ ਦਾ ਭਾਰ ਹੈ ਜ਼ਿਆਦਾ
ਉਪਰ ਉਠਦੀ ਜਾ ਰਹੀ ਹੈ ਖੁਸ਼ੀ ।।
11
ਸਦੀਵੀ ਬਣਾ ਦੇ ਮੈਨੂੰ
ਬਰਫ਼ ਲੈ ਥੋੜ੍ਹੀ ਜਿਹੀ
ਘੜ੍ਹ ਦੇ ਮੇਰੀ ਮੂਰਤ ਇਹਦੇ ਵਿਚ
ਆਪਣੇ ਨਿੱਘੇ ਤੇ ਖੁਰਦੁਰੇ ਹੱਥਾਂ ਨਾਲ
ਸੰਵਾਰੀ ਜਾ
ਲਸ਼ਕਾਈ ਜਾ ਓਦੋਂ ਤਕ
ਪੈਦਾ ਨਾ ਹੋ ਜਾਵੇ ਮੇਰੇ ਅੰਦਰੋ
ਰੋਸ਼ਨੀ ਜਦੋਂ ਤਕ ।।
12
ਉਸ ਨੇ ਜ਼ਿੰਦਗੀ ਦਿੱਤੀ ਤੋਹਫੇ 'ਚ ਮੈਨੂੰ
ਮੈਂ ਕੀ ਦੇ ਸਕਦੀ ਹਾਂ ਬਦਲੇ 'ਚ ਉਸਨੂੰ ?
ਆਪਣੀਆਂ ਕਵਿਤਾਵਾਂ
ਹੋਰ ਕੁਝ ਹੈ ਵੀ ਨਹੀਂ ਮੇਰੇ ਕੋਲ
ਪਰ ਕੀ ਇਹ ਸੱਚਮੁੱਚ ਮੇਰੀਆਂ ਹੀ ਹਨ ?
ਉਵੇਂ ਹੀ ਜਿਵੇਂ ਬਚਪਨ 'ਚ
ਮਾਂ ਦੇ ਜਨਮ ਦਿਨ 'ਤੇ
ਮੈਂ ਚੁਣਦੀ ਸਾਂ ਕੋਈ ਕਾਰਡ
ਤੇ ਕੀਮਤ ਅਦਾ ਕਰਦੀ ਸਾਂ
ਪਿਤਾ ਦੇ ਪੈਸਿਆਂ ਨਾਲ ।।
No comments:
Post a Comment